ਸੂਰ ਪਾਲਣ ਪ੍ਰਬੰਧਨ
← ਵਾਪਸ ਮੋਡੀਊਲਾਂ ਵੱਲ
ਜਾਣ-ਪਛਾਣ: ਸੂਰ ਪਾਲਣ ਦੇ ਫਾਇਦੇ ਅਤੇ ਆਰਥਿਕ ਮਹੱਤਤਾ
- ਭਾਰਤ ਦੁਨੀਆ ਦੇ ਸਭ ਤੋਂ ਵੱਧ ਪਸ਼ੂ-ਧਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਦੇਸ਼ ਦੇ ਖੇਤੀਬਾੜੀ ਕੁੱਲ ਘਰੇਲੂ ਉਤਪਾਦ ਵਿੱਚ ਪਸ਼ੂ ਪਾਲਣ ਖੇਤਰ ਦਾ ਲਗਭਗ ਇੱਕ-ਚੌਥਾਈ ਯੋਗਦਾਨ ਹੈ।
- ਹੋਰ ਪਸ਼ੂਆਂ ਦੇ ਮੁਕਾਬਲੇ ਸੂਰ ਪਾਲਣ ਕਿਸਾਨਾਂ ਲਈ ਤੇਜ਼ੀ ਨਾਲ ਆਮਦਨ ਪ੍ਰਾਪਤ ਕਰਨ ਦਾ ਇੱਕ ਲਾਭਕਾਰੀ ਧੰਦਾ ਹੈ।
ਇਸ ਦੇ ਮੁੱਖ ਕਾਰਨ ਹਨ:
- ਵੱਧ ਪ੍ਰਜਨਨ ਸਮਰੱਥਾ (ਇੱਕ ਵਾਰ ਵਿੱਚ ਵੱਧ ਬੱਚੇ ਦੇਣ ਦੀ ਯੋਗਤਾ)
- ਖੁਰਾਕ ਨੂੰ ਮਾਸ ਵਿੱਚ ਬਦਲਣ ਦੀ ਉੱਚ ਸਮਰੱਥਾ
- ਛੋਟੀ ਉਮਰ ਵਿੱਚ ਪ੍ਰਜਨਨ ਯੋਗ ਹੋ ਜਾਣਾ
- ਘੱਟ ਪੀੜ੍ਹੀ ਅੰਤਰਾਲ (ਛੋਟੇ ਸਮੇਂ ਵਿੱਚ ਨਵੀਂ ਪੀੜ੍ਹੀ ਤਿਆਰ ਹੋ ਜਾਣਾ)
- ਸੂਰ ਪਾਲਣ ਸਮਾਜ ਵਿੱਚ ਪੌਸ਼ਟਿਕ ਸੁਰੱਖਿਆ ਅਤੇ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਦੀ ਬਹੁਤ ਵੱਡੀ ਸਮਰੱਥਾ ਰੱਖਦਾ ਹੈ।
- ਮੱਧ ਵਰਗ ਵਿੱਚ ਸੂਰ ਦੇ ਮਾਸ (ਪੋਰਕ) ਦੀ ਖਪਤ ਲਗਾਤਾਰ ਵਧ ਰਹੀ ਹੈ, ਜਿਸ ਨਾਲ ਹੋਟਲ ਉਦਯੋਗ ਅਤੇ ਫਾਸਟ-ਫੂਡ ਚੇਨਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ।
- ਪੋਰਕ ਦੀ ਵਧਦੀ ਮੰਗ ਕਾਰਨ ਸੂਰ ਪਾਲਣ ਇੱਕ ਲਾਭਦਾਇਕ ਵਪਾਰ ਵਜੋਂ ਉਭਰਿਆ ਹੈ। ਸਮਝਦਾਰ ਨਿਵੇਸ਼ਕ ਅਤੇ ਉਦਯੋਗਪਤੀ ਇਸ ਖੇਤਰ ਵਿੱਚ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਕਈ ਪ੍ਰਗਤੀਸ਼ੀਲ ਕਿਸਾਨ ਇਸ ਧੰਦੇ ਤੋਂ ਵਧੀਆ ਆਰਥਿਕ ਲਾਭ ਪ੍ਰਾਪਤ ਕਰ ਰਹੇ ਹਨ।
- ਸੂਰ ਪਾਲਣ ਦਾ ਕਾਰੋਬਾਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
- ਸੂਰ ਸਭ ਤੋਂ ਵੱਧ ਬੱਚੇ ਦੇਣ ਵਾਲੇ ਪਸ਼ੂਆਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਪ੍ਰਜਨਨ ਸਮਰੱਥਾ ਉੱਚੀ ਅਤੇ ਪੀੜ੍ਹੀ ਅੰਤਰਾਲ ਘੱਟ ਹੁੰਦਾ ਹੈ।
- ਸੂਰੀ (ਸੋਅ) ਨੂੰ 8–9 ਮਹੀਨੇ ਦੀ ਉਮਰ ਵਿੱਚ ਹੀ ਗਰਭਧਾਰਣ ਕਰਵਾਇਆ ਜਾ ਸਕਦਾ ਹੈ ਅਤੇ ਇਹ ਇੱਕ ਸਾਲ ਵਿੱਚ ਦੋ ਵਾਰ ਬੱਚੇ (ਫੈਰੋਇੰਗ) ਦੇ ਸਕਦੀ ਹੈ।
- ਗਰਭਕਾਲ ਦਾ ਕੁਲ ਸਮਾਂ 114 ਦਿਨ ਹੈ ਅਤੇ ਹਰ ਸੂਏ 6–12 ਜਾਂ ਇਸ ਤੋਂ ਵੀ ਵੱਧ ਬੱਚੇ ਪੈਦਾ ਕਰ ਸਕਦੀ ਹੈ।
- ਸੂਰ ਪਾਲਣ ਤੋਂ ਜਲਦੀ ਆਮਦਨ ਪ੍ਰਾਪਤ ਹੁੰਦੀ ਹੈ, ਕਿਉਂਕਿ 7–9 ਮਹੀਨਿਆਂ ਵਿੱਚ ਹੀ ਸੂਰ 80–100 ਕਿਲੋਗ੍ਰਾਮ ਦਾ ਬਾਜ਼ਾਰ ਵੇਚਣ ਯੋਗ ਭਾਰ ਪ੍ਰਾਪਤ ਕਰ ਲੈਂਦੇ ਹਨ।
- ਬਰਾਇਲਰ ਮੁਰਗੀਆਂ ਤੋਂ ਬਾਅਦ ਸੂਰਾਂ ਦੀ ਫੀਡ ਪਰਿਵਰਤਨ ਸਮਰੱਥਾ ਅਤੇ ਡ੍ਰੈਸਿੰਗ ਪ੍ਰਤੀਸ਼ਤ (60–80%) ਸਭ ਤੋਂ ਵੱਧ ਹੁੰਦੀ ਹੈ।
- ਫੀਡ ਪਰਿਵਰਤਨ ਅਨੁਪਾਤ (FCR) ਲਗਭਗ 1:3 ਤੋਂ 1:5 ਹੁੰਦਾ ਹੈ, ਜਿਸ ਨਾਲ ਘੱਟ ਖੁਰਾਕ ਵਿੱਚ ਭਾਰ ਦਾ ਵੱਧ ਵਾਧਾ ਹੁੰਦਾ ਹੈ।
- ਆਮ ਤੌਰ ਤੇ ਸੂਰ ਅਨਾਜ, ਹਰਾ ਚਾਰਾ, ਸਬਜ਼ੀਆਂ ਅਤੇ ਰਸੋਈ ਦੇ ਬਚੇ ਹੋਏ ਪਦਾਰਥਾਂ ਨੂੰ ਵੀ ਖਾ ਕੇ ਉਨ੍ਹਾਂ ਨੂੰ ਪੌਸ਼ਟਿਕ ਮਾਸ ਵਿੱਚ ਬਦਲ ਸਕਦੇ ਹਨ।
- ਸੂਰ ਦਾ ਮਾਸ (ਪੋਰਕ) ਬਹੁਤ ਪੌਸ਼ਟਿਕ ਹੁੰਦਾ ਹੈ, ਜਿਸ ਵਿੱਚ ਊਰਜਾ ਵੱਧ ਅਤੇ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ।
- ਪੋਰਕ ਥਾਇਮੀਨ, ਨਾਇਸਿਨ ਅਤੇ ਰਾਈਬੋਫਲੇਵਿਨ ਵਰਗੇ ਵਿਟਾਮਿਨਾਂ ਦਾ ਵਧੀਆ ਸਰੋਤ ਹੈ।
- ਸੂਰ ਦੀ ਚਰਬੀ (ਲਾਰਡ) ਵਿੱਚ ਪੋਲੀਅਨਸੈਚੂਰੇਟਿਡ ਫੈਟੀ ਐਸਿਡ ਵੱਧ ਹੋਣ ਕਰਕੇ ਇਸ ਦੀ ਵਪਾਰਕ ਮਹੱਤਤਾ ਜ਼ਿਆਦਾ ਹੈ।
- ਸੂਰ ਪਾਲਣ ਕਿਸਾਨਾਂ ਲਈ ਰੋਜ਼ਗਾਰ ਅਤੇ ਆਮਦਨ ਦਾ ਵਧੀਆ ਸਰੋਤ ਹੈ। ਲਾਰਡ ਦੀ ਮੰਗ ਪੋਲਟਰੀ ਫੀਡ, ਸਾਬਣ, ਪੇਂਟ ਅਤੇ ਰਸਾਇਣਕ ਉਦਯੋਗਾਂ ਵਿੱਚ ਲਗਾਤਾਰ ਵੱਧ ਰਹੀ ਹੈ।
- ਦੇਸ਼ੀ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਪੋਰਕ, ਬੇਕਨ, ਹੈਮ, ਸਾਸੇਜ, ਲਾਰਡ, ਬ੍ਰਿਸਟਲ (ਵਾਲ) ਆਦਿ ਸੂਰ ਉਤਪਾਦਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ।
- ਸੂਰਾਂ ਦੇ ਗੋਬਰ ਨੂੰ ਖੇਤੀਬਾੜੀ ਅਤੇ ਮੱਛੀ ਪਾਲਣ ਦੇ ਤਲਾਬਾਂ ਲਈ ਉੱਤਮ ਜੈਵਿਕ ਖਾਦ ਵਜੋਂ ਵਰਤਿਆ ਜਾਂਦਾ ਹੈ।
- ਸੂਰ ਪਾਲਣ ਘੱਟ ਉਪਜਾਊ, ਬੰਜਰ ਜਾਂ ਖੁਰਦਰੀ ਜ਼ਮੀਨ 'ਤੇ ਵੀ ਕੀਤਾ ਜਾ ਸਕਦਾ ਹੈ, ਅਤੇ ਇਸ ਲਈ ਕਿਸੇ ਖਾਸ ਮੌਸਮ ਜਾਂ ਮਿੱਟੀ ਦੀ ਲੋੜ ਨਹੀਂ ਹੁੰਦੀ।
- ਵੱਡਾ ਸੂਰ ਫਾਰਮ ਸ਼ੁਰੂ ਕਰਨ ਲਈ ਵੀ ਬਹੁਤ ਘੱਟ ਜ਼ਮੀਨ ਦੀ ਲੋੜ ਹੁੰਦੀ ਹੈ।
- ਇਹ ਮਹਿਲਾ ਉਦਮੀਆਂ ਲਈ ਵੀ ਇੱਕ ਉਚਿਤ ਅਤੇ ਲਾਭਕਾਰੀ ਕਾਰੋਬਾਰ ਹੈ, ਕਿਉਂਕਿ ਇਸ ਵਿੱਚ ਬਹੁਤ ਭਾਰੀ ਸਰੀਰਕ ਮਿਹਨਤ ਦੀ ਲੋੜ ਨਹੀਂ ਹੁੰਦੀ।
- ਪੰਜਾਬ ਵਿੱਚ ਸੂਰ ਪਾਲਣ ਇੱਕ ਉਭਰਦਾ ਹੋਇਆ ਲਾਭਕਾਰੀ ਕਾਰੋਬਾਰ ਹੈ। ਭਾਰਤ ਦੇ ਕੁੱਲ ਸੂਰਾਂ ਵਿੱਚ ਪੰਜਾਬ ਦੀ ਹਿੱਸੇਦਾਰੀ ਲਗਭਗ 0.57% ਹੈ, ਜਦਕਿ ਰਾਜ ਦੇ ਕੁੱਲ ਮਾਸ ਉਤਪਾਦਨ ਵਿੱਚ ਸੂਰ ਦੇ ਮਾਸ (ਪੋਰਕ) ਦੀ ਹਿੱਸੇਦਾਰੀ ਲਗਭਗ 0.47% ਹੈ।
- ਸੂਰ ਪਾਲਣ ਲਈ ਲੋੜੀਂਦੀ ਪੂੰਜੀ ਫਾਰਮ ਦੇ ਆਕਾਰ ਅਤੇ ਪਾਲੇ ਜਾਣ ਵਾਲੇ ਸੂਰਾਂ ਦੀ ਗਿਣਤੀ, ਤੇ ਨਿਰਭਰ ਕਰਦੀ ਹੈ।
- ਸ਼ੁਰੂਆਤੀ ਪੜਾਅ ਵਿੱਚ ਸੂਰਾਂ ਲਈ ਰਿਹਾਇਸ਼ (ਸ਼ੈੱਡ) ਬਣਾਉਣ, ਪ੍ਰਜਨਨ ਲਈ ਨਸਲੀ ਸੂਰ ਖਰੀਦਣ, ਖੁਰਾਕ, ਦਵਾਈਆਂ ਅਤੇ ਹੋਰ ਪ੍ਰਬੰਧਕੀ ਖਰਚਿਆਂ ਲਈ ਪੂੰਜੀ ਦੀ ਲੋੜ ਹੁੰਦੀ ਹੈ।
- ਪੰਜਾਬ ਦੇ ਬਹੁਤ ਸਾਰੇ ਕਿਸਾਨ ਉੱਚ ਗੁਣਵੱਤਾ ਵਾਲਾ ਪੋਰਕ ਉਤਪਾਦਨ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ।
- ਰਾਜ ਵਿੱਚ ਛੋਟੇ ਅਤੇ ਵੱਡੇ ਪੱਧਰ ਦੇ ਕਈ ਸੂਰ ਪਾਲਕ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ, ਅੱਜ ਆਪਣੇ ਸਥਾਪਿਤ ਫਾਰਮਾਂ ਤੋਂ ਵਧੀਆ ਆਮਦਨ ਅਤੇ ਮੁਨਾਫ਼ਾ ਕਮਾ ਰਹੇ ਹਨ।
- ਬੇਰੁਜ਼ਗਾਰੀ ਦੀ ਵਧਦੀ ਸਮੱਸਿਆ ਦੇ ਮੱਦੇਨਜ਼ਰ, ਸੂਰ ਪਾਲਣ ਖ਼ਾਸ ਕਰਕੇ ਪੇਂਡੂ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦਾ ਇੱਕ ਉੱਤਮ ਵਿਕਲਪ ਸਾਬਤ ਹੋ ਸਕਦਾ ਹੈ।
- ਸੂਰ ਪਾਲਣ ਸਿਰਫ਼ ਇੱਕ ਲਾਭਕਾਰੀ ਕਾਰੋਬਾਰ ਹੀ ਨਹੀਂ, ਸਗੋਂ ਇਹ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸਥਾਨਕ ਅਰਥਵਿਵਸਥਾ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
- ਸੂਰ ਪਾਲਣ ਵਿੱਚ ਪਸ਼ੂ ਪ੍ਰਬੰਧਨ, ਪ੍ਰਜਨਨ, ਖੁਰਾਕ, ਸਿਹਤ ਸੰਭਾਲ, ਮਾਰਕੀਟਿੰਗ ਅਤੇ ਪ੍ਰੋਸੈਸਿੰਗ ਵਰਗੀਆਂ ਵੱਖ- ਵੱਖ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਜਿਸ ਨਾਲ ਵੱਖ-ਵੱਖ ਵਿਦਿਅਕ ਯੋਗਤਾਵਾਂ ਅਤੇ ਤਜਰਬੇ ਵਾਲੇ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਉਪਲਬਧ ਹੁੰਦੇ ਹਨ।
-
ਮਾਸ (ਪੋਰਕ):
- ਪੋਰਕ ਵਿੱਚ ਲਗਭਗ 17% ਪ੍ਰੋਟੀਨ, 20% ਚਰਬੀ, 62% ਨਮੀ ਅਤੇ 1% ਰਾਖ ਹੁੰਦੀ ਹੈ ਅਤੇ ਇਹ ਲਗਭਗ 250 ਕੈਲੋਰੀ ਪ੍ਰਤੀ 100 ਗ੍ਰਾਮ ਊਰਜਾ ਪ੍ਰਦਾਨ ਕਰਦਾ ਹੈ।
- ਪੋਰਕ ਫਾਸਫੋਰਸ ਅਤੇ ਲੋਹੇ ਦਾ ਵਧੀਆ ਸਰੋਤ ਹੈ। ਪੋਰਕ ਵਿੱਚ ਮੌਜੂਦ ਲੋਹਾ ਸਬਜ਼ੀਆਂ ਤੋਂ ਮਿਲਣ ਵਾਲੇ ਆਯਰਨ ਦੇ ਸੋਖਣ ਵਿੱਚ ਵੀ ਮਦਦ ਕਰਦਾ ਹੈ।
-
ਚਰਬੀ (ਲਾਰਡ):
- ਲਾਰਡ ਕਿਸਮ ਦੇ ਸੂਰਾਂ ਤੋਂ ਪ੍ਰਾਪਤ ਚਰਬੀ ਦਾ ਉਪਯੋਗ ਸਾਬਣ, ਖਾਦ ਪਦਾਰਥਾਂ ਅਤੇ ਹੋਰ ਉਦਯੋਗਿਕ ਉਤਪਾਦਾਂ ਦੇ ਨਿਰਮਾਣ ਵਿੱਚ ਕੀਤਾ ਜਾਂਦਾ ਹੈ।
-
ਚਮੜਾ:
- ਸੂਰ ਦੀ ਖਾਲ ਤੋਂ ਦਸਤਾਨੇ, ਫੁੱਟਬਾਲ ਅਤੇ ਹੋਰ ਚਮੜੇ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ।
-
ਸਰੀਰ ਦੇ ਵਾਲ (ਬ੍ਰਿਸਟਲ):
- ਸੂਰ ਦੇ ਸਖ਼ਤ ਵਾਲਾਂ ਦੀ ਵਰਤੋਂ ਉੱਚ ਗੁਣਵੱਤਾ ਵਾਲੇ ਬੁਰਸ਼ ਅਤੇ ਪੇਂਟ ਬੁਰਸ਼ ਬਣਾਉਣ ਲਈ ਕੀਤੀ ਜਾਂਦੀ ਹੈ।
-
ਖੂਨ:
- ਸੂਰ ਦੇ ਖੂਨ ਤੋਂ ਬਲੱਡ ਮੀਲ ਤਿਆਰ ਕੀਤਾ ਜਾਂਦਾ ਹੈ, ਜੋ ਥਾਇਮੀਨ ਨਾਲ ਭਰਪੂਰ ਹੁੰਦਾ ਹੈ ਅਤੇ ਪਸ਼ੂ ਖੁਰਾਕ ਵਿੱਚ ਵਰਤਿਆ ਜਾਂਦਾ ਹੈ।
-
ਛੋਟੀ ਆਂਤ:
- ਸੂਰ ਦੀ ਛੋਟੀ ਆਂਤ ਨੂੰ ਪ੍ਰੋਸੈਸ ਕਰਕੇ ਸਾਸੇਜ ਦੀ ਕੁਦਰਤੀ ਝਿੱਲੀ ਤਿਆਰ ਕੀਤੀ ਜਾਂਦੀ ਹੈ।
-
ਹੱਡੀਆਂ:
- ਹੱਡੀਆਂ ਤੋਂ ਬੋਨ ਮੀਲ ਬਣਾਈ ਜਾਂਦੀ ਹੈ, ਜੋ ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੀ ਹੈ ਅਤੇ ਖਾਦ ਤੇ ਪਸ਼ੂ ਖੁਰਾਕ ਵਿੱਚ ਵਰਤੀ ਜਾਂਦੀ ਹੈ।
-
ਨਰਮ ਟਿਸ਼ੂ:
- ਨਰਮ ਟਿਸ਼ੂ ਤੋਂ ਮੀਟ ਮੀਲ ਤਿਆਰ ਕੀਤੀ ਜਾਂਦੀ ਹੈ, ਜਿਸਦੀ ਵਰਤੋਂ ਪਸ਼ੂ ਖੁਰਾਕ ਵਿੱਚ ਕੀਤੀ ਜਾਂਦੀ ਹੈ।
-
ਗੋਬਰ:
- ਸੂਰ ਦਾ ਗੋਬਰ ਖੇਤੀਬਾੜੀ ਲਈ ਜੈਵਿਕ ਖਾਦ ਵਜੋਂ ਅਤੇ ਏਕੀਕ੍ਰਿਤ ਮੱਛੀ ਪਾਲਣ ਵਿੱਚ ਬਹੁਤ ਲਾਭਦਾਇਕ ਹੈ।
-
ਪ੍ਰਯੋਗਸ਼ਾਲਾ ਵਿੱਚ ਵਰਤੋਂ:
- ਸੂਰ ਇਕ-ਜਠਰੀ ਪਸ਼ੂ ਹੋਣ ਕਰਕੇ ਪੋਸ਼ਣ, ਸਰੀਰ ਵਿਗਿਆਨ, ਦਵਾਈਆਂ ਅਤੇ ਬਾਇਓਮੈਡੀਕਲ ਖੋਜ ਵਿੱਚ ਪ੍ਰਯੋਗਾਤਮਕ ਜਾਨਵਰ ਵਜੋਂ ਵੀ ਵਰਤੇ ਜਾਂਦੇ ਹਨ।